ਜਾਣਕਾਰੀ ਵਰਕੇ

ਜੀ ਆਇਆਂ ਨੂੰ! ਇਹ ਵੈੱਬਸਾਈਟ, ਜਿਸਨੂੰ ਅਸੀਂ 'ਹੇਅਰ ਟੂ ਹੈਲਪ' ਕਹਿੰਦੇ ਹਾਂ, ਤੁਹਾਨੂੰ ਮਾਨਸਿਕ ਸਿਹਤ, ਮਾਨਸਿਕ ਰੋਗਾਂ, ਸ਼ਰਾਬ ਅਤੇ ਹੋਰ ਡਰੱਗਜ਼ ਜਿਹੇ ਨਸ਼ੀਲੇ ਪਦਾਰਥਾਂ ਬਾਰੇ ਭਰੋਸੇਯੋਗ ਜਾਣਕਾਰੀ ਦਿੰਦੀ ਹੈ। ਬੀ.ਸੀ. ਵਿੱਚ ਰਹਿਣ ਵਾਲੇ ਜਿਹੜੇ ਲੋਕਾਂ ਦੀ ਪਹਿਲੀ ਭਾਸ਼ਾ ਅੰਗਰੇਜ਼ੀ ਨਹੀਂ ਹੈ, ਉਨ੍ਹਾਂ ਦੀ ਮਦਦ ਕਰਨ ਲਈ ਅਸੀਂ ਅਜਿਹਾ ਇੱਕ ਪੰਨਾ ਵੱਖ-ਵੱਖ ਭਾਸ਼ਾਵਾਂ ਵਿੱਚ ਤਿਆਰ ਕੀਤਾ ਹੈ। ਅਸੀਂ ਆਸ ਕਰਦੇ ਹਾਂ ਕਿ ਇਸ ਪੰਨੇ ਉੱਪਰ ਦਿੱਤੇ ਕੁੱਝ ਵਸੀਲੇ ਉਨ੍ਹਾਂ ਮਹੱਤਵਪੂਰਨ ਸਮੱਸਿਆਵਾਂ ਨੂੰ ਸਮਝਣ ਵਿੱਚ ਤੁਹਾਡੀ ਮਦਦ ਕਰਨਗੇ ਜਿਹੜੀਆਂ ਸਾਡੀ ਸਲਾਮਤੀ ਨੂੰ ਪ੍ਰਭਾਵਿਤ ਕਰਦੀਆਂ ਹਨ। ਥੱਲੇ ਤੁਹਾਨੂੰ ਆਪਣੀ ਭਾਸ਼ਾ ਵਿੱਚ ਕਈ ਜਾਣਕਾਰੀ ਵਰਕੇ ਮਿਲਣਗੇ। ਪਰ ਪਹਿਲਾਂ, ਕਿਰਪਾ ਕਰਕੇ ਕੁੱਝ ਜ਼ਰੂਰੀ ਸੁਨੇਹੇ ਪੜ੍ਹੋ ਜੀ।

ਇਹ ਸਮੱਗਰੀ ਉਨ੍ਹਾਂ ਸਾਰੇ ਲੋਕਾਂ ਲਈ ਹੈ ਜਿਹੜੇ ਮਾਨਸਿਕ ਰੋਗਾਂ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਬਾਰੇ ਜ਼ਿਆਦਾ ਜਾਣਨਾ ਚਾਹੁੰਦੇ ਹਨ। ਕਿਸੇ ਮਾਨਸਿਕ ਰੋਗ ਜਾਂ ਨਸ਼ੇ ਦੀ ਆਦਤ ਨਾਲ ਰਹਿ ਰਹੇ ਲੋਕ ਅਤੇ ਉਨ੍ਹਾਂ ਦਾ ਪਰਿਵਾਰ ਅਤੇ ਦੋਸਤ ਇਸ ਵਿੱਚ ਸ਼ਾਮਲ ਹਨ। ਸਾਰੇ ਸਭਿਆਚਾਰਾਂ ਵਿੱਚ ਇਨ੍ਹਾਂ ਸਮੱਸਿਆਵਾਂ ਨੂੰ ਸਮਝਣਾ ਅਤੇ ਇਨ੍ਹਾਂ ਬਾਰੇ ਗੱਲ ਕਰਨਾ ਔਖਾ ਹੋ ਸਕਦਾ ਹੈ। ਇਹ ਸਮੱਸਿਆਵਾਂ ਕਿੰਨੀਆਂ ਆਮ ਹਨ, ਇਹ ਕਿਸ ਤਰ੍ਹਾਂ ਦੀਆਂ ਜਾਪਦੀਆਂ ਹਨ ਅਤੇ ਕਿਸ ਤਰ੍ਹਾਂ ਮਦਦ ਲੈਣੀ ਹੈ, ਇਸ ਸਬੰਧੀ ਭਰੋਸੇਯੋਗ ਤੱਥ ਪ੍ਰਦਾਨ ਕਰਕੇ ਅਸੀਂ ਇਸ ਬਾਰੇ ਗੱਲ ਬਾਤ ਕਰਨ ਨੂੰ ਸੌਖਾ ਬਣਾਉਣਾ ਚਾਹੁੰਦੇ ਹਾਂ। ਭਾਵੇਂ ਤੁਸੀਂ ਕੈਨੇਡਾ ਵਿੱਚ ਨਵੇਂ ਆਏ ਹੋ ਜਾਂ ਇੱਥੇ ਕਈ ਸਾਲਾਂ ਤੋਂ ਰਹਿ ਰਹੇ ਹੋ, ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਦਾ ਖ਼ਿਆਲ ਰੱਖਣ ਲਈ ਇਨ੍ਹਾਂ ਸਮੱਸਿਆਵਾਂ ਬਾਰੇ ਵਧੇਰੇ ਜਾਣਕਾਰੀ ਹਾਸਲ ਕਰਨੀ ਇੱਕ ਮਹੱਤਵਪੂਰਨ ਕਦਮ ਹੈ। ਸਾਡੀ ਜਾਣਕਾਰੀ 'ਤੇ ਭਰੋਸਾ ਕੀਤੇ ਜਾ ਸਕਣ ਦੇ ਦੋ ਕਰਨ ਹਨ। ਪਹਿਲਾ ਕਾਰਨ, ਇਸ ਜਾਣਕਾਰੀ ਨੂੰ ਤਿਆਰ ਕਰਨ ਵਾਲੇ ਲੋਕ ਉੱਤਮ ਖੋਜ ਨੂੰ ਆਪਣੇ ਕੰਮ ਦਾ ਆਧਾਰ ਬਣਾਉਂਦੇ ਹਨ। ਸਾਡੇ ਗਰੁੱਪ ਦਾ ਨਾਂ ਬੀ.ਸੀ. ਪਾਰਟਨਰਜ਼ ਫੌਰ ਮੈਂਟਲ ਹੈਲਥ ਐਂਡ ਐਡੀਕਸ਼ਨਜ਼ ਹੈ। ਇਹ ਬ੍ਰਿਟਿਸ਼ ਕੋਲੰਬਿਆ, ਕੈਨੇਡਾ ਵਿੱਚ ਲੋਕਾਂ ਨੂੰ ਮਾਨਸਿਕ ਸਿਹਤ ਅਤੇ ਨਸ਼ਿਆਂ ਦੀ ਵਰਤੋਂ ਸਬੰਧੀ ਜਾਗਰੁਕ ਕਰਨ ਵਾਸਤੇ ਰਲ਼ ਕੇ ਕੰਮ ਕਰ ਰਹੀਆਂ ਸੱਤ ਗ਼ੈਰ-ਮੁਨਾਫ਼ਾ ਏਜੰਸੀਆਂ ਦਾ ਇੱਕ ਗਰੁੱਪ ਹੈ। ਇਸ ਕੰਮ ਲਈ ਬੀ.ਸੀ. ਦੀ ਸਰਕਾਰ ਸਾਨੂੰ ਫ਼ੰਡਿੰਗ ਦਿੰਦੀ ਹੈ ਅਤੇ ਸਾਡੀ ਹਮਾਇਤ ਕਰਦੀ ਹੈ।

ਇਨ੍ਹਾਂ ਅਨੁਵਾਦਾਂ ਦਾ ਉੱਚਾ ਪੱਧਰ ਸਾਡੇ 'ਤੇ ਭਰੋਸਾ ਕੀਤੇ ਜਾ ਸਕਣ ਦਾ ਦੂਜਾ ਕਾਰਨ ਹੈ। ਥੱਲੇ ਦਿੱਤੇ ਜਾਣਕਾਰੀ ਵਰਕਿਆਂ ਦਾ ਸਾਵਧਾਨੀ ਭਰਪੂਰ ਢੰਗ ਨਾਲ ਅੰਗਰੇਜ਼ੀ ਤੋਂ ਅਨੁਵਾਦ ਕੀਤਾ ਗਿਆ ਹੈ। ਇਸ ਢੰਗ ਰਾਹੀਂ ਇਹ ਨਿਸਚਿਤ ਕੀਤਾ ਜਾਂਦਾ ਹੈ ਕਿ ਅਨੁਵਾਦ ਕੀਤੀ ਸਮੱਗਰੀ ਅਸਲ ਦੇ ਨਾਲ ਮੇਲ ਖਾਂਦੀ ਹੋਵੇ ਅਤੇ ਵੱਖ-ਵੱਖ ਸਭਿਆਚਾਰਕ ਗਰੁੱਪਾਂ ਨੂੰ ਸਮਝ ਆਵੇ। ਇਨ੍ਹਾਂ ਅਨੁਵਾਦਾਂ ਨੂੰ ਢੁਕਵੇਂ ਅਤੇ ਲਾਭਦਾਇਕ ਰੱਖਣ ਲਈ ਅਸੀਂ ਤੁਹਾਡੇ ਭਾਈਚਾਰੇ ਦੇ ਦੁਭਾਸ਼ੀ ਮਾਹਰਾਂ ਅਤੇ ਲੋਕਾਂ ਨਾਲ ਵੀ ਗੱਲ ਕੀਤੀ ਹੈ।

ਮਾਨਸਿਕ ਸਿਹਤ ਜਾਂ ਸ਼ਰਾਬ ਜਾਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਸਬੰਧੀ ਜੇ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹੋ ਸਕਦਾ ਹੈ ਕਿ ਤੁਸੀਂ ਟੈਲੀਫ਼ੋਨ ਰਾਹੀਂ ਆਪਣੀ ਭਾਸ਼ਾ ਵਿੱਚ ਮਦਦ ਲੈਣ ਦੇ ਚਾਹਵਾਨ ਹੋਵੋ। ਅਜਿਹੀ ਹਾਲਤ ਵਿੱਚ ਅਸੀਂ ਤੁਹਾਨੂੰ ਆਪਣੇ ਫ਼ੋਨ ਤੋਂ 8-1-1 ਡਾਇਲ ਕਰਕੇ 'ਹੈਲਥਲਿੰਕਬੀਸੀ' ਨਾਲ ਸੰਪਰਕ ਕਰਨ ਦੀ ਸਲਾਹ ਦਿੰਦੇ ਹਾਂ। ਇਹ ਸਿਹਤ ਨਾਲ ਸਬੰਧਿਤ ਕੋਈ ਵੀ ਸਵਾਲ ਪੁੱਛਣ ਲਈ ਦਿਨ ਰਾਤ ਉਪਲੱਬਧ ਰਹਿਣ ਵਾਲੀ ਬੀ.ਸੀ. ਦੀ ਸਰਕਾਰ ਦੀ ਮੁਫ਼ਤ ਸੇਵਾ ਹੈ। ਜੇ ਤੁਸੀਂ ਅੰਗਰੇਜ਼ੀ ਵਿੱਚ ਆਪਣੀ ਭਾਸ਼ਾ ਦਾ ਨਾਂ ਲਉ, ਇੱਕ ਦੁਭਾਸ਼ੀਏ ਨਾਲ ਤੁਹਾਡੀ ਗੱਲ ਕਰਵਾਈ ਜਾਵੇਗੀ।

ਆਖੀਰ ਵਿੱਚ ਇਸ ਵੈੱਬ-ਪੇਜ ਸਬੰਧੀ ਧਿਆਨ ਦੇਣ ਯੋਗ ਦੋ ਗੱਲਾਂ। ਪਹਿਲੀ ਗੱਲ, ਇਸ ਵੇਲ਼ੇ ਇਸ ਵੈੱਬਸਾਈਟ 'ਤੇ ਸਿਰਫ਼ ਇਹੀ ਪੰਨਾ ਤੁਹਾਡੀ ਭਾਸ਼ਾ ਵਿੱਚ ਉਪਲੱਬਧ ਹੈ। ਇਸ ਵੈੱਬਸਾਈਟ 'ਤੇ ਕਈ ਹੋਰ ਨੁਹਾਰਾਂ ਸਿਰਫ਼ ਅੰਗਰੇਜ਼ੀ ਵਿੱਚ ਉਪਲੱਬਧ ਹਨ ਜਿਨ੍ਹਾਂ ਨੂੰ ਤੁਸੀਂ ਆਪਣੇ ਕਿਸੇ ਪਰਿਵਾਰਕ ਮੈਂਬਰ, ਮਿੱਤਰ, ਜਾਂ ਸੇਵਾ ਪ੍ਰਦਾਨ ਕਰਨ ਵਾਲੇ ਅਜਿਹੇ ਵਿਅਕਤੀ ਨਾਲ ਦੇਖ ਸਕਦੇ ਹੋ ਜਿਹੜਾ ਤੁਹਾਡੀ ਭਾਸ਼ਾ ਬੋਲਦਾ ਹੋਵੇ।

ਦੂਜੀ ਗੱਲ, ਹੇਠ ਦਿੱਤੇ ਜਾਣਕਾਰੀ ਵਰਕੇ ਪੀ.ਡੀ.ਐੱਫ਼ (PDF) ਫ਼ੌਰਮੈਟ ਵਿੱਚ ਹਨ। ਇੰਟਰਨੈੱਟ 'ਤੇ ਇਸ ਫ਼ੌਰਮੈਟ ਦੀ ਵਰਤੋਂ ਆਮ ਹੈ। ਜੇ ਕਿਸੇ ਲਿੰਕ 'ਤੇ ਕਲਿੱਕ ਕਰਨ ਨਾਲ ਕੋਈ ਵਰਕਾ ਨਹੀਂ ਖੁੱਲਦਾ, ਤੁਹਾਨੂੰ ਇੱਥੇ ਕਲਿੱਕ ਕਰਕੇ ਅਡੋਬੀ ਰੀਡਰ (Adobe Reader) ਨਾਂ ਦਾ ਇੱਕ ਮੁਫ਼ਤ ਪ੍ਰੋਗਰਾਮ ਡਾਉਨਲੋਡ ਅਤੇ ਇੰਸਟਾਲ ਕਰਨਾ ਪਵੇਗਾ। (ਇਹ ਲਿੰਕ ਤੁਹਾਨੂੰ ਜਿਸ ਵੈੱਬਸਾਈਟ 'ਤੇ ਲੈ ਕੇ ਜਾਵੇਗਾ ਉਹ ਸਿਰਫ਼ ਅੰਗਰੇਜ਼ੀ ਵਿੱਚ ਹੈ)।

ਉਪਲੱਬਧ ਜਾਣਕਾਰੀ ਵਰਕਿਆਂ ਦੀ ਇੱਕ ਸੂਚੀ:

 • ਉਦਾਸੀ-ਰੋਗ

  ਉਦਾਸੀ ਰੋਗ ਇੱਕ ਅਸਲ ਸਿਹਤ ਸਮੱਸਿਆ ਹੈ ਜਿਹੜੀ ਕਿ ਦੋ ਹਫ਼ਤੇ ਜਾਂ ਇਸ ਤੋਂ ਵੱਧ ਸਮੇਂ ਲਈ ਰਹਿੰਦੀ ਹੈ ਅਤੇ ਮਨ ਅਤੇ ਸਰੀਰ ਨੂੰ ਪ੍ਰਭਾਵਿਤ ਕਰਦੀ ਹੈ। ਇੱਕ ਵਿਅਕਤੀ ਦੇ ਆਪਣੇ ਆਪ ਪ੍ਰਤੀ ਅਤੇ ਆਪਣੀ ਆਲ਼ੇ-ਦੁਆਲੇ ਦੀ ਦੁਨੀਆਂ ਪ੍ਰਤੀ ਨਜ਼ਰੀਏ ਵਿੱਚ ਬਹੁਤ ਜ਼ਿਆਦਾ ਫ਼ਰਕ ਪੈ ਸਕਦਾ ਹੈ ਅਤੇ ਉਸਨੂੰ ਇੰਝ ਮਹਿਸੂਸ ਹੋ ਸਕਦਾ ਹੈ ਕਿ ਉਸਦੀ ਜ਼ਿੰਦਗੀ ਜਿਊਣ ਲਾਇਕ ਨਹੀਂ ਹੈ। ਸੁਭਾਗ ਨਾਲ, ਉਦਾਸੀ ਰੋਗ ਦੇ ਕਈ ਵਧੀਆ ਇਲਾਜ ਹਨ...

 • ਅਮਲ ਕੀ ਹੈ?

  ਅਮਲ ਸ਼ਬਦ ਸੁਣਦੇ ਹੀ ਬਹੁਤੇ ਲੋਕ ਸ਼ਰਾਬ ਅਤੇ ਹੋਰ ਨਸ਼ੀਲੀਆਂ ਡਰੱਗਜ਼ ਵਰਗੇ ਪਦਾਰਥਾਂ ਬਾਰੇ ਸੋਚਦੇ ਹਨ। ਕਈ ਲੋਕ ਇਨ੍ਹਾਂ ਪਦਾਰਥਾਂ ਦੀ ਵਰਤੋਂ ਅਜਿਹੇ ਢੰਗ ਨਾਲ ਕਰਦੇ ਹਨ ਜਿਸ ਨਾਲ ਕੋਈ ਸਮੱਸਿਆਵਾਂ ਉਤਪੰਨ ਨਹੀਂ ਹੁੰਦੀਆਂ, ਪਰ ਕਈ ਅਜਿਹੇ ਢੰਗ ਵੀ ਹਨ ਜਿਨ੍ਹਾਂ ਕਾਰਨ ਇਨ੍ਹਾਂ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਵਿਅਕਤੀ ਅਤੇ ਉਸ ਦੇ ਆਲ਼ੇ-ਦੁਆਲੇ ਦੇ ਲੋਕਾਂ ਲਈ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ...

 • ਅਲ੍ਹੜਾਂ ਲਈ ਯਥਾਰਥਕ ਸੋਚ

  ਜਿਹੜੇ ਟੀਨੇਜਰ ਬੇਹੱਦ ਜ਼ਿਆਦਾ ਬੇਚੈਨੀ-ਭਰੇ ਹੋਣ, ਉਹ ਦੁਨੀਆਂ ਨੂੰ ਇੱਕ ਬੜੀ ਖ਼ਤਰਨਾਕ ਅਤੇ ਡਰਾਉਣੀ ਜਗ੍ਹਾ ਮੰਨਦੇ ਹਨ। ਬੇਚੈਨ ਯੁਵਕਾਂ ਦੀ ਸੋਚ ਦਾ ਤਰੀਕਾ ਅਜਿਹਾ ਹੁੰਦਾ ਹੈ ਜਿਹੜਾ ਬੇਚੈਨੀ ਅਤੇ ਫਿਕਰਮੰਦੀ ਨੂੰ ਜਨਮ ਦੇਵੇ। ਬੇਚੈਨੀ-ਭਰੀ ਸੋਚ ਦੀ ਪਛਾਣ ਕਰਨ ਅਤੇ ਆਪਣੇ ਆਲੇ-ਦੁਆਲੇ ਦੀ ਦੁਨੀਆਂ ਨੂੰ ਸਮਝਣ ਦੇ ਵਧੇਰੇ ਵਾਸਤਵਿਕ ਤਰੀਕੇ ਸਿੱਖਣ ਵਿੱਚ ਮਾਂ-ਬਾਪ ਆਪਣੇ ਟੀਨੇਜਰ ਦੀ ਮਦਦ ਕਰ ਸਕਦੇ ਹਨ...

 • ਆਤਮਘਾਤ: ਖ਼ਤਰੇ ਦੇ ਚਿੰਨ੍ਹਾਂ ਦੀ ਪੈਰਵੀ ਕਰੋ

  ਬਹੁਤੇ ਸਭਿਆਚਾਰਾਂ ਵਿੱਚ ਆਪਣੇ ਕਿਸੇ ਪਿਆਰੇ ਨੂੰ ਆਤਮਘਾਤ ਕਾਰਨ ਗੁਆ ਦੇਣਾ ਔਖਾ ਹੋ ਸਕਦਾ ਹੈ ਅਤੇ ਇਸ ਬਾਰੇ ਗੱਲ ਕਰਨੀ ਸ਼ਰਮਨਾਕ ਹੋ ਸਕਦੀ ਹੈ। ਪਰ ਜਿਹੜੇ ਲੋਕ ਆਪਣੀ ਜ਼ਿੰਦਗੀ ਨੂੰ ਖ਼ਤਮ ਕਰਨ ਬਾਰੇ ਸੋਚਦੇ ਹਨ ਉਹ ਮਰਨਾ ਨਹੀਂ ਚਾਹੁੰਦੇ; ਉਹ ਆਪਣੀ ਮਾਨਸਿਕ ਪੀੜ ਨੂੰ ਖ਼ਤਮ ਕਰਨੀ ਚਾਹੁੰਦੇ ਹਨ। ਉਹ ਅਕਸਰ ਕੁੱਝ ਅਜਿਹੇ ਸੰਕੇਤ ਵੀ ਛੱਡ ਦਿੰਦੇ ਹਨ ਜਿਨ੍ਹਾਂ ਤੋਂ ਪਤਾ ਲੱਗ ਸਕਦਾ ਹੈ ਕਿ ਉਹ ਆਤਮਘਾਤ ਬਾਰੇ ਵਿਚਾਰ ਕਰ ਰਹੇ ਹਨ। ਕੀ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਕਿਹੜੇ ਲੱਛਣਾਂ ਪ੍ਰਤੀ ਸਚੇਤ ਰਹਿਣਾ ਚਾਹੀਦਾ ਹੈ?...

 • ਆਪਣੇ ਬੱਚੇ ਜਾਂ ਅਲ੍ਹੜ ਉਮਰ ਦੇ ਮੁੰਡੇ ਜਾਂ ਕੁੜੀ ਨਾਲ ਚਿੰਤਾ ਬਾਰੇ ਗੱਲ ਕਰਨੀ

  18 ਸਾਲ ਤੋਂ ਘੱਟ ਉਮਰ ਵਾਲੇ ਹਰ ਸੱਤਾਂ ਵਿੱਚੋਂ ਇੱਕ ਵਿਅਕਤੀ ਨੂੰ ਬੇਚੈਨੀ ਨਾਲ ਸੰਬੰਧਤ ਕੋਈ ਮੁਸ਼ਕਲ ਪੇਸ਼ ਹੁੰਦੀ ਹੈ। ਪਰ ਬੇਚੈਨੀ ਦੀਆਂ ਸਮੱਸਿਆਵਾਂ ਵਾਲੇ ਅਨੇਕਾਂ ਬੱਚੇ ਅਤੇ ਟੀਨੇਜਰ ਆਪਣੀ ਮੁਸ਼ਕਲ ਨੂੰ ਬੇਚੈਨੀ ਨਹੀਂ ਸਮਝਦੇ। ਇਸ ਦੇ ਬਜਾਏ ਉਹ ਅਕਸਰ ਆਪਣੇ ਆਪ ਨੂੰ ਦੋਸ਼ ਦਿੰਦੇ ਹਨ। ਮਾਂ-ਬਾਪ ਬੱਚਿਆਂ ਅਤੇ ਟੀਨੇਜਰਾਂ ਨੂੰ ਬੇਚੈਨੀ ਦੀਆਂ ਸਮੱਸਿਆਵਾਂ ਬਾਰੇ ਸਿੱਖਣ ਅਤੇ ਉਨਾਂ ਨਾਲ ਸਿੱਝਣਾ ਦੇ ਤਰੀਕਿਆਂ ਬਾਰੇ ਸਿੱਖਣ ਵਿੱਚ ਮਦਦ ਕਰ ਸਕਦੇ ਹਨ...

 • ਆਪਣੇ ਬੱਚੇ ਦੀ ਘਰ ਵਿੱਚ ਜਾਂ ਘਰ ਤੋਂ ਦੂਰ ਇਕੱਲੇ ਸੌਂਣ ਵਿੱਚ ਮਦਦ ਕਰਨੀ

  ਬੇਚੈਨ ਬੱਚੇ ਆਪਣੇ ਮਾਂ-ਬਾਪ ਦੇ ਨਜ਼ਦੀਕ ਸੌਣ ਵਿੱਚ ਸੁਰੱਖਿਅਤ ਮਹਿਸੂਸ ਕਰ ਸਕਦੇ ਹਨ। ਇਸ ਨਾਲ ਬੱਚੇ ਅਤੇ ਮਾਂ-ਬਾਪ ਲਈ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਹਨ। ਅਨੇਕਾਂ ਮਾਂ-ਬਾਪ ਇਹ ਮੰਨਦੇ ਹਨ ਕਿ ਇਹ ਕੋਈ ਚੰਗੀ ਆਦਤ ਨਹੀਂ ਹੈ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਸ ਦਾ ਹੱਲ ਕੀ ਹੈ। ਜਾਣਕਾਰੀ ਵਾਲਾ ਇਹ ਪਰਚਾ ਆਪਣੇ ਬੱਚੇ ਨੂੰ ਇਹ ਗੱਲ ਸਿਖਾਉਣ ਵਿੱਚ ਮਾਤਾ-ਪਿਤਾ ਦੀ ਮਦਦ ਕਰਦਾ ਹੈ ਕਿ ਉਹ ਆਪਣੇ ਡਰਾਂ ਦਾ ਸਾਮ੍ਹਣਾ ਕਰਨ ਅਤੇ ਆਪਣੇ ਬਿਸਤਰੇ ਵਿੱਚ ਹੀ ਸੌਣ...

 • ਸਦਮੇ-ਪਿੱਛੋਂ ਸਟਰੈੱਸ ਦਾ ਵਿਗਾੜ

  ਯੁੱਧ, ਹਿੰਸਾ ਜਾਂ ਹੜ੍ਹ ਜਿਹੀਆਂ ਘਟਨਾਵਾਂ ਇੰਨੀਆਂ ਸਦਮੇ ਭਰਪੂਰ ਅਤੇ ਭਿਆਨਕ ਹੁੰਦੀਆਂ ਹਨ ਕਿ ਇਹ ਸਾਰੀ ਉਮਰ ਵਾਸਤੇ ਮਨ 'ਤੇ ਡੂੰਘਾ ਅਸਰ ਛੱਡ ਜਾਂਦੀਆਂ ਹਨ। ਬੀਤੇ ਸਮੇਂ ਵਿੱਚ ਵਾਪਰ ਚੁੱਕੀ ਕਿਸੇ ਮਾੜੀ ਘਟਨਾ ਦਾ ਪ੍ਰਭਾਵ ਜੇ ਵਰਤਮਾਨ ਸਮੇਂ ਵਿੱਚ ਵੀ ਜਾਰੀ ਰਹਿੰਦਾ ਹੈ, ਇਹ ਬੇਚੈਨੀ ਦੇ ਵਿਗੜ ਦੀ ਇੱਕ ਕਿਸਮ ਹੋ ਸਕਦੇ ਹੈ ਜਿਸਨੂੰ ਕਿ ਸਦਮੇ-ਪਿੱਛੋਂ ਸਟਰੈੱਸ ਦਾ ਵਿਗਾੜ ਕਿਹਾ ਜਾਂਦਾ ਹੈ...

 • ਸੰਪੂਰਣਤਾਵਾਦ ਤੋਂ ਛੁਟਕਾਰਾ ਹਾਸਲ ਕਰਨ ਵਿੱਚ ਆਪਣੇ ਬੱਚੇ ਦੀ ਸਹਾਇਤਾ ਕਰਨੀ

  ਬਹੁਤੇ ਬੱਚੇ ਆਪਣੇ ਵੱਲੋਂ ਜਿੰਨੀ ਵੀ ਚੰਗੀ ਤੋਂ ਚੰਗੀ ਕਾਰਗੁਜ਼ਾਰੀ ਵਿਖਾ ਸਕਦੇ ਹੋਣ, ਵਿਖਾਉਣਾ ਚਾਹੁੰਦੇ ਹਨ ਪਰ ਕਈ ਬੱਚੇ ਗ਼ਲਤੀ ਕਰਨ ਤੋਂ ਇੰਨਾ ਘਬਰਾਉਂਦੇ ਹਨ ਕਿ ਆਪਣਾ ਕੰਮ ਮੁਕਾਉਣ ਜਾਂ ਨਵੀਆਂ ਗੱਲਾਂ ਅਜ਼ਮਾ ਕੇ ਵੇਖਣਾ ਉਨ੍ਹਾਂ ਲਈ ਬੜਾ ਔਖਾ ਹੋ ਜਾਂਦਾ ਹੈ। ਇਸਨੂੰ “ਕਮਾਲ-ਪ੍ਰਸਤੀ” (perfectionism) ਆਖਿਆ ਜਾਂਦਾ ਹੈ ਕਿਉਂਕਿ ਉਹ ਹਰ ਕਾਰਜ ਬੇਨੁਕਸ ਕਰਨਾ ਚਾਹੁੰਦੇ ਹਨ। ਕੋਈ ਵੀ ਗ਼ਲਤੀ ਕਰਨ `ਤੇ ਉਹ ਬੇਚੈਨ ਜਾਂ ਪ੍ਰੇਸ਼ਾਨ ਹੋ ਜਾਂਦੇ ਹਨ। ਜਾਣਕਾਰੀ ਵਾਲਾ ਇਹ ਪਰਚਾ ਕਿਸੇ ਬੇਚੈਨ ਬੱਚੇ ਨੂੰ ਇਹ ਸਿਖਾਉਣ ਵਿੱਚ ਮਾਤਾ-ਪਿਤਾ ਦੀ ਮਦਦ ਕਰਦਾ ਹੈ ਕਿ ਗ਼ਲਤੀਆਂ ਕਰ ਲੈਣਾ ਕੋਈ ਜੱਗੋਂ ਬਾਹਰੀ ਗੱਲ ਨਹੀਂ ਹੁੰਦੀ...

 • ਕੈਲਟੀ ਰੀਸੋਰਸ ਸੈਂਟਰ (Kelty Resource Centre)

  ਕੈਲਟੀ ਰਿਸੋਰਸ ਸੈਂਟਰ ਬੀ.ਸੀ. ਵਿਚਲੇ ਬੱਚਿਆਂ, ਯੁਵਕਾਂ ਅਤੇ ਪਰਿਵਾਰਾਂ ਨੂੰ ਮਾਨਸਿਕ ਸਿਹਤ ਅਤੇ ਕੋਈ ਝੱਸ ਜਾਂ ਆਦਤ ਪੈ ਜਾਣ ਬਾਰੇ ਸਿੱਖਿਆ ਹਾਸਲ ਕਰਨ ਵਿੱਚ ਮਦਦ ਕਰਦਾ ਹੈ। ਇਨਾਂ ਕੋਲ ਬੀ.ਸੀ. ਵਿਚਲੇ ਵੱਖੋ-ਵੱਖਰੀਆਂ ਸੇਵਾਵਾਂ ਅਤੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਵੀ ਹੈ। ਤੁਸੀਂ ਵੈਨਕੂਵਰ ਵਿੱਚ ਕੈਲਟੀ ਰਿਸੋਰਸ ਸੈਂਟਰ ਵਿਖੇ ਜਾ ਸਕਦੇ ਹੋ। ਜੇ ਤੁਸੀਂ ਵੈਨਕੂਵਰ ਤੋਂ ਬਾਹਰ ਰਹਿੰਦੇ ਹੋ ਤਾਂ ਤੁਸੀਂ ਮਦਦ ਹਾਸਲ ਕਰਨ ਲਈ ਉਨਾਂ ਨੂੰ ਈਮੇਲ ਜਾਂ ਮੁਫ਼ਤ ਫ਼ੋਨ ਵੀ ਕਰ ਸਕਦੇ ਹੋ...

 • ਕਮਿਊਨਿਟੀ ਚਾਇਲਡ ਐਂਡ ਯੂਥ ਮੈਂਟਲ ਹੈਲਥ ਸਰਵਸਿਜ਼ ਤੋਂ ਕੀ ਉਮੀਦ ਰੱਖੀਏ

  ਬੀ.ਸੀ. ਵਿੱਚ ਮਾਨਸਿਕ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਬੱਚਿਆਂ, ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਰਕਾਰ ਕਈ ਸੇਵਾਵਾਂ ਪ੍ਰਦਾਨ ਕਰਦੀ ਹੈ। ਪਹਿਲੀ ਮੁਲਾਕਾਤ ਤੋਂ ਪਹਿਲਾਂ ਜੇ ਮਾਪਿਆਂ ਜਾਂ ਅਲੜ੍ਹਾਂ ਨੂੰ ਇਹ ਪਤਾ ਹੋਵੇ ਕਿ ਕੀ ਹੋਵੇਗਾ, ਕੀ ਪੁੱਛਿਆ ਜਾ ਸਕਦਾ ਹੈ ਅਤੇ ਕਿਹੜੇ ਇਲਾਜ ਸਹਾਇਕ ਹੋ ਸਕਦੇ ਹਨ ਤਾਂ ਉਹ ਜ਼ਿਆਦਾ ਵਿਸ਼ਵਾਸ ਮਹਿਸੂਸ ਕਰਨਗੇ...

 • ਛੋਟੇ ਬੱਚਿਆਂ ਲਈ ਸਿਹਤਮੰਦ ਸੋਚ

  ਜਿਹੜੇ ਬੱਚੇ ਬੇਚੈਨੀ ਨਾਲ ਜੂਝਦੇ ਹਨ, ਉਹ ਬਾਕੀ ਬੱਚਿਆਂ ਨਾਲੋਂ ਵੱਖਰੇ ਤਰੀਕੇ ਨਾਲ ਸੋਚਦੇ ਹਨ ਅਤੇ ਉਹ ਇਹ ਮੰਨ ਲੈਂਦੇ ਹਨ ਕਿ ਸਭ ਤੋਂ ਬੁਰੀ ਗੱਲ ਵਾਪਰ ਕੇ ਹੀ ਰਹੇਗੀ। ਮਿਸਾਲ ਵਜੋਂ, ਉਹ ਆਪਣੇ ਆਪ ਇਹ ਧਾਰਨਾ ਬਣਾ ਸਕਦੇ ਹਨ ਕਿ ਉਹ ਸਕੂਲ ਵਿਖੇ ਇਮਤਿਹਾਨ ਵਿੱਚੋਂ ਫੇਲ੍ਹ ਹੋਣਗੇ। ਖੁਸ਼ਕਿਸਮਤੀ ਨੂੰ, ਮਾਪੇ ਬੱਚਿਆਂ ਨੂੰ ਸੋਚ ਦੇ ਤੰਦਰੁਸਤ ਤਰੀਕੇ ਸਿਖਾ ਸਕਦੇ ਹਨ...

 • ਜਣੇਪੇ-ਪਿੱਛੋਂ ਦਾ ਉਦਾਸੀ-ਰੋਗ

  ਬੱਚੇ ਨੂੰ ਜਨਮ ਦੇਣਾ ਤਣਾ ਪੂਰਨ ਹੁੰਦਾ ਹੈ, ਅਤੇ ਇਹ ਖੁਸ਼ੀਆਂ ਅਤੇ ਜਸ਼ਨਾਂ ਦਾ ਸਮਾਂ ਹੁੰਦਾ ਹੈ। ਪਰ ਕਈ ਔਰਤਾਂ ਲਈ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਵਾਲੇ ਮਹੀਨੇ ਉਦਾਸੀ ਅਤੇ ਹੋਰ ਤਬਦੀਲੀਆਂ ਨਾਲ ਭਰੇ ਹੁੰਦੇ ਹਨ। ਇਸ 'ਜਣੇਪੇ-ਪਿੱਛੋਂ ਹੋਏ ਉਦਾਸੀ-ਰੋਗ' ਦਾ ਇਲਾਜ ਕਰਨਾ ਮਾਂ ਅਤੇ ਬੱਚੇ ਦੀ ਸਿਹਤ ਲਈ ਅਤੇ ਬਾਕੀ ਦੇ ਪਰਿਵਾਰ ਲਈ ਚੰਗਾ ਹੁੰਦਾ ਹੈ...

 • ਜਵਾਨੀ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋ

  ਬੀ.ਸੀ. ਵਿੱਚ ਕਈ ਅਲੜ੍ਹ ਸ਼ਰਾਬ ਜਾਂ ਹੋਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨਗੇ ਅਤੇ ਉਨ੍ਹਾਂ ਵਿੱਚੋਂ ਕੁੱਝ ਨੂੰ ਇਨ੍ਹਾਂ ਪਦਾਰਥਾਂ ਦੀ ਵਰਤੋਂ ਕਰਨ ਨਾਲ ਸਮੱਸਿਆਵਾਂ ਪੈਦਾ ਹੋ ਜਾਣਗੀਆਂ। ਮਾਪਿਆਂ, ਅਧਿਆਪਕਾਂ ਅਤੇ ਹੋਰ ਬਾਲਗਾਂ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਨੌਜਵਾਨ ਨਸ਼ਿਆਂ ਦੀ ਵਰਤੋਂ ਕਿਉਂ ਕਰਦੇ ਹਨ ਅਤੇ ਇਨ੍ਹਾਂ ਨਸ਼ੀਲੇ ਪਦਾਰਥਾਂ ਦੇ ਮਾੜੇ ਪ੍ਰਭਾਵਾਂ ਦੇ ਆਸਾਰ ਕਿਵੇਂ ਘਟਾਏ ਜਾ ਸਕਦੇ ਹਨ...

 • ਡਰ ਦਾ ਸਾਹਮਣਾ ਕਰਨ ਵਿੱਚ ਆਪਣੇ ਬੱਚੇ ਦੀ ਮਦਦ ਕਰਨੀ

  ਬੱਚਿਆਂ ਲਈ ਅਜਿਹੇ ਹਾਲਾਤ ਤੋਂ ਪਾਸਾ ਵੱਟਣਾ ਜਿਨਾਂ ਤੋਂ ਉਨ੍ਹਾਂ ਨੂੰ ਡਰ ਲੱਗੇ, ਇੱਕ ਸਾਧਾਰਣ ਗੱਲ ਹੈ। ਪਰ ਕਈ ਬੱਚੇ ਬੜੇ ਬੇਚੈਨ ਹੁੰਦੇ ਹਨ ਅਤੇ ਉਹ ਸੁਰੱਖਿਅਤ ਹਾਲਾਤ ਅਤੇ ਥਾਵਾਂ ਤੋਂ ਵੀ ਡਰਦੇ ਹਨ। ਇਹ ਗੱਲ ਸਾਰੇ ਪਰਿਵਾਰ ਲਈ ਬੜੀ ਔਖੀ ਹੋ ਸਕਦੀ ਹੈ। ਮਾਂ-ਬਾਪ ਸੇਧ ਦੇਣ ਵਾਲੇ ਇਸ ਪਰਚੇ ਉਤਲੇ ਵਿਹਾਰਕ ਸੁਝਾਵਾਂ ਦੀ ਵਰਤੋਂ ਰਾਹੀਂ ਬੇਚੈਨ ਬੱਚੇ ਨੂੰ ਸਿਖਾ ਸਕਦੇ ਹਨ ਕਿ ਅਜਿਹੇ ਡਰ ਉੱਤੇ ਕਾਬੂ ਕਿਵੇਂ ਪਾਉਣਾ ਹੈ...

 • ਬਾਈਪੋਲਰ ਰੋਗ: ਕਿਸਮਾਂ

  ਬਾਈਪੋਲਰ ਰੋਗ ਵਿੱਚ ਦੋ ਤਰ੍ਹਾਂ ਦੇ ਦੌਰੇ ਪੈਂਦੇ ਹਨ: ਡਿਪਰੈਸ਼ਨ (ਉਦਾਸੀ ਦੇ ਦੌਰੇ) ਅਤੇ ਮੇਨੀਆ (ਮੂਡ ਸਿਖਰ ’ਤੇ ਹੋਣਾ)। ਬਾਈਪੋਲਰ ਰੋਗ ਦੀਆਂ ਵੱਖ-ਵੱਖ ਕਿਸਮਾਂ ਵੀ ਹੁੰਦੀਆਂ ਹਨ। ਇਹ ਕਿਸਮਾਂ ਇਸ ਗੱਲ ’ਤੇ ਅਧਾਰਤ ਹੁੰਦੀਆਂ ਹਨ ਕਿ ਦੌਰੇ ਦਾ ਕੋਈ ਵਾਕਿਆ ਕਿੰਨੇ ਸਮੇਂ ਲਈ ਰਹਿੰਦਾ ਹੈ ਅਤੇ ਤੁਹਾਡੀ ਜ਼ਿੰਦਗੀ `ਤੇ ਕਿੰਨੀ ਸ਼ਿੱਦਤ ਨਾਲ ਅਸਰ ਕਰਦਾ ਹੈ। ਜਿਸ ਕਿਸਮ ਦਾ ਬਾਈਪੋਲਰ ਰੋਗ ਤੁਹਾਨੂੰ ਹੋਵੇ, ਉਸ ਬਾਰੇ ਜਾਣਨਾ ਇਲਾਜ ਦੇ ਉੱਤਮ ਵਿਕਲਪਾਂ ਦੀ ਭਾਲ ਕਰਨ ਵਿੱਚ ਤੁਹਾਡੀ ਸਹਾਇਤਾ ਕਰ ਸਕਦਾ ਹੈ...

 • ਬਾਈਪੋਲਰ ਰੋਗ: ਬਾਈਪੋਲਰ ਰੋਗ ਕਿਉਂ ਹੁੰਦਾ ਹੈ?

  ਬਾਈਪੋਲਰ ਰੋਗ ਦਾ ਸਿਰਫ਼ ਇੱਕੋ ਕਾਰਣ ਨਹੀਂ ਹੁੰਦਾ। ਸਗੋਂ ਇਸ ਰੋਗ ਪਿੱਛੇ ਕੁਝ ਚੀਜ਼ਾਂ ਭੂਮਿਕਾ ਨਿਭਾਉਂਦੀਆਂ ਹਨ: ਤੁਹਾਡੇ ਜੀਨਜ਼, ਤੁਹਾਡਾ ਪਰਿਵਾਰਕ ਪਿਛੋਕੜ, ਤੁਹਾਡਾ ਆਲ਼ਾ-ਦੁਆਲਾ, ਤਣਾਓਪੂਰਣ ਘਟਨਾਵਾਂ ਅਤੇ ਤੁਹਾਡੇ ਦਿਮਾਗ ਦੇ ਕੁਝ ਹਿੱਸਿਆਂ ਦਾ ਆਪਸ ਵਿੱਚ ਸੰਚਾਰ ਦਾ ਢੰਗ...

 • ਬਾਈਪੋਲਰ ਰੋਗ: ਇਹ ਕਿਹੋ ਜਿਹਾ ਮਹਿਸੂਸ ਹੁੰਦਾ ਹੈ?

  ਬਾਈਪੋਲਰ ਰੋਗ ਵਿੱਚ ਮੇਨੀਆ (ਮੂਡ ਸਿਖਰ ’ਤੇ ਹੋਣਾ) ਅਤੇ ਡਿਪਰੈਸ਼ਨ (ਉਦਾਸੀ ਦੇ ਦੌਰੇ) ਦੋਵੇਂ ਹੁੰਦੇ ਹਨ। ਮੇਨੀਆ ਦੇ ਦੌਰੇ ਦੌਰਾਨ ਤੁਸੀਂ ਬਹੁਤ ਉਤਸ਼ਾਹੀ ਮਹਿਸੂਸ ਕਰ ਸਕਦੇ ਹੋ, ਤੁਹਾਨੂੰ ਕਈ ਵੱਡੇ ਖ਼ਿਆਲ ਆ ਸਕਦੇ ਹਨ ਅਤੇ ਤੁਹਾਨੂੰ ਲੱਗ ਸਕਦਾ ਹੈ ਕਿ ਤੁਹਾਨੂੰ ਵਿਚਾਰ ਬਹੁਤ ਤੇਜ਼ੀ ਨਾਲ ਆ ਰਹੇ ਹਨ। ਡਿਪਰੈਸ਼ਨ ਦੌਰਾਨ ਤੁਸੀਂ ਬਹੁਤ ਥੱਕੇ ਹੋਏ ਅਤੇ ਨਾਖ਼ੁਸ਼ ਮਹਿਸੂਸ ਕਰ ਸਕਦੇ ਹੋ ਅਤੇ ਤੁਹਾਨੂੰ ਇੰਝ ਲੱਗ ਸਕਦਾ ਹੈ ਕਿ ਤੁਸੀਂ ਹੁਣ ਕਦੇ ਵੀ ਕਿਸੇ ਚੀਜ਼ ਦਾ ਆਨੰਦ ਨਹੀਂ ਮਾਣ ਸਕਦੇ। ਬਾਈਪੋਲਰ ਰੋਗ ਕਿਹੋ ਜਿਹਾ ਹੈ, ਇਸ ਬਾਰੇ ਹੋਰ ਜਾਣੋ...

 • ਬਾਈਪੋਲਰ ਰੋਗ: ਪਰਿਵਾਰ ਉੱਪਰ ਅਸਰ

  ਬਾਈਪੋਲਰ ਰੋਗ ਦਾ ਅਸਰ ਪੂਰੇ ਪਰਿਵਾਰ ’ਤੇ ਪੈ ਸਕਦਾ ਹੈ। ਪਰਿਵਾਰਕ ਮੈਂਬਰ ਦੀ ਦੇਖਭਾਲ ਕਰਨੀ ਬੇਹੱਦ ਔਖੀ ਅਤੇ ਤਣਾਓਪੂਰਣ ਹੋ ਸਕਦੀ ਹੈ। ਆਪਣੇ ਪਿਆਰੇ ਦੇ ਬਿਮਾਰ ਹੋਣ ਕਾਰਣ ਪਰਿਵਾਰ ਦੇ ਮੈਂਬਰ ਉਦਾਸ ਅਤੇ ਪਰੇਸ਼ਾਨ ਹੋ ਸਕਦੇ ਹਨ ਜਾਂ ਆਪਣੇ ਆਪ ਨੂੰ ਕਸੂਰਵਾਰ ਮੰਨਣ ਲੱਗ ਸਕਦੇ ਹਨ। ਬਾਈਪੋਲਰ ਰੋਗ ਨਾਲ ਨੱਜਿਠਣ ਦੇ ਤਰੀਕਿਆਂ ਬਾਰੇ ਸਿੱਖਣ ਨਾਲ ਪੂਰੇ ਪਰਿਵਾਰ ਨੂੰ ਬਿਹਤਰ ਮਹਿਸੂਸ ਕਰਨ ਵਿੱਚ ਮਦਦ ਮਿਲ ਸਕਦੀ ਹੈ...

 • ਬਾਈਪੋਲਰ ਰੋਗ: ਖ਼ਤਰਨਾਕ/ਨੁਕਸਾਨਦੇਹ ਵਤੀਰੇ ਦੀ ਰੋਕਥਾਮ

  ਬਾਈਪੋਲਰ ਰੋਗ ਤੁਹਾਡੇ ਮਿਜ਼ਾਜ ਅਤੇ ਫ਼ੈਸਲੇ ਲੈਣ ਦੇ ਢੰਗ ’ਤੇ ਅਸਰ ਕਰਦਾ ਹੈ। ਇਸ ਦਾ ਮਤਲਬ ਹੈ ਕਿ ਤੁਸੀਂ ਕੁਝ ਅਜਿਹਾ ਕਰ ਸਕਦੇ ਹੋ ਜੋ ਤੁਸੀਂ ਆਮ ਤੌਰ ’ਤੇ ਨਹੀਂ ਕਰੋਗੇ, ਜਿਵੇਂ ਕਿ ਇੱਕਦਮ ਬਹੁਤ ਸਾਰੇ ਪੈਸੇ ਖ਼ਰਚ ਕਰ ਦੇਣੇ। ਅਜਿਹੇ ਫ਼ੈਸਲਿਆਂ ਕਾਰਣ ਕਈ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ। ਇਸ ਤੱਥਨਾਮੇ ਵਿੱਚ ਅਜਿਹੇ ਸੁਝਾਅ ਦਿੱਤੇ ਗਏ ਹਨ ਜਿਹੜੇ ਸਮੇਂ ਤੋਂ ਪਹਿਲਾਂ ਵਿਉਂਤਬੰਦੀ ਕਰਨ ਅਤੇ ਖ਼ਤਰਨਾਕ ਫ਼ੈਸਲੇ ਕਰਨ ਤੋਂ ਰੋਕਥਾਮ ਵਿੱਚ ਤੁਹਾਡੀ ਸਹਾਇਤਾ ਕਰਦੇ ਹਨ...

 • ਬਾਈਪੋਲਰ ਰੋਗ: ਭੁਲੇਖੇ ਅਤੇ ਸੱਚਾਈਆਂ

  ਕੁਝ ਲੋਕ ਸੋਚਦੇ ਹਨ ਕਿ ਬਾਈਪੋਲਰ ਰੋਗ ਵਾਲੇ ਲੋਕ ਕੰਮ ਨਹੀਂ ਕਰ ਸਕਦੇ ਜਾਂ ਬਿਹਤਰ ਨਹੀਂ ਹੋ ਸਕਦੇ। ਇਹ ਦੋਵੇਂ ਗੱਲਾਂ ਸੱਚ ਨਹੀਂ ਹਨ। ਬਾਈਪੋਲਰ ਰੋਗ ਵਾਲੇ ਬਹੁਤੇ ਲੋਕ ਕੰਮ ਕਰ ਸਕਦੇ ਹਨ ਅਤੇ ਉਨ੍ਹਾਂ ਲਈ ਕਈ ਲਾਭਦਾਇਕ ਇਲਾਜ ਉਪਲਬਧ ਹਨ। ਇਹ ਤੱਥਨਾਮਾ ਬਾਈਪੋਲਰ ਰੋਗ ਨਾਲ ਸਬੰਧਤ ਕੁੱਝ ਆਮ ਅਤੇ ਝੂਠੇ ਵਿਚਾਰਾਂ ਦਾ ਵੇਰਵਾ ਦਿੰਦਾ ਅਤੇ ਤੁਹਾਡੇ ਸਾਮ੍ਹਣੇ ਤੱਥ ਰੱਖਦਾ ਹੈ...

 • ਬਾਈਪੋਲਰ ਰੋਗ: ਦਵਾਈਆਂ

  ਆਮ ਤੌਰ ’ਤੇ ਬਾਈਪੋਲਰ ਰੋਗ ਦਾ ਇਲਾਜ ਕਰਨ ਲਈ ਪਹਿਲਾਂ ਦਵਾਈਆਂ ਅਜ਼ਮਾਈਆਂ ਜਾਂਦੀਆਂ ਹਨ। ਇਹ ਦਵਾਈਆਂ ਤੁਹਾਡੇ ਮਿਜ਼ਾਜ ਨੂੰ ਸਾਵਾਂ ਕਰਨ ਵਿੱਚ ਸਹਾਇਤਾ ਕਰਦੀਆਂ ਹਨ ਜਿਸ ਨਾਲ ਮੇਨੀਆ (ਮੂਡ ਸਿਖਰ ’ਤੇ ਹੋਣਾ) ਅਤੇ ਡਿਪਰੈਸ਼ਨ (ਉਦਾਸੀ ਦੇ ਦੌਰੇ) ਦੀ ਰੋਕਥਾਮ ਵਿੱਚ ਮਦਦ ਮਿਲਦੀ ਹੈ। ਬਾਈਪੋਲਰ ਰੋਗ ਲਈ ਵਰਤੀ ਜਾਂਦੀ ਸਭ ਤੋਂ ਆਮ ਕਿਸਮ ਦੀ ਦਵਾਈ ਨੂੰ ਮੂਡ ਸਟੇਬਿਲਾਈਜ਼ਰਜ਼ (ਮੂਡ ਨੂੰ ਸਥਿਰ ਕਰਨ ਵਾਲੀਆਂ ਦਵਾਈਆਂ) ਕਿਹਾ ਜਾਂਦਾ ਹੈ। ਬਾਈਪੋਲਰ ਰੋਗ ਨਾਲ ਚੱਲਣ ਵਾਲੀਆਂ ਬਾਕੀ ਬਿਮਾਰੀਆਂ ਲਈ ਹੋਰ ਦਵਾਈਆਂ ਸਹਾਈ ਹੋ ਸਕਦੀਆਂ ਹਨ...

 • ਬਾਈਪੋਲਰ ਰੋਗ: ਇਲੈਕਟ੍ਰੋਕਨਵਲਸਿਵ ਥੈਰੇਪੀ (ਬਿਜਲੀ ਲਾ ਕੇ ਇਲਾਜ ਕਰਨਾ)

  Electroconvulsive (ਇਲੈਕਟ੍ਰੋਕਨਵਲਸਿਵ) ਜਾਂ ECT (ਈ.ਸੀ.ਟੀ.) ਥੈਰੇਪੀ ਬਾਈਪੋਲਰ ਰੋਗ ਦੇ ਮਰੀਜ਼ਾਂ ਦੀ ਸਹਾਇਤਾ ਕਰਨ ਲਈ ਇਲਾਜ ਦੀ ਇੱਕ ਕਿਸਮ ਹੈ। ਇਸ ਵਿੱਚ ਦਿਮਾਗ ਦੀਆਂ ਠੀਕ ਤਰ੍ਹਾਂ ਕੰਮ ਨਾ ਕਰ ਰਹੀਆਂ ਕਿਰਿਆਵਾਂ ਵਿੱਚ ਤਬਦੀਲੀ ਲਿਆਉਣ ਲਈ ਬਿਜਲੀ ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਲੋਕਾਂ ਲਈ ਇਹ ਬਹੁਤ ਫ਼ਾਇਦੇਮੰਦ ਰਹਿੰਦਾ ਹੈ, ਖ਼ਾਸ ਤੌਰ ’ਤੇ ਜਦੋਂ ਦਵਾਈਆਂ ਵਰਗੇ ਇਲਾਜ ਅਸਰਦਾਰ ਨਾ ਹੋਣ। ਅਜ਼ਮਾਏ ਜਾ ਸਕਣ ਵਾਲੇ ਕਈ ਇਲਾਜਾਂ ਵਿੱਚੋਂ ਈ.ਸੀ.ਟੀ. ਸਿਰਫ਼ ਇੱਕ ਹੈ...

 • ਬਾਈਪੋਲਰ ਰੋਗ: ਭਵਿੱਖ ਵਿੱਚ ਦੌਰਿਆਂ ਦੀ ਰੋਕਥਾਮ ਲਈ ਮੈਂ ਕੀ ਕਰ ਸਕਦਾ ਹਾਂ?

  ਭਵਿੱਖ ਲਈ ਦੌਰਿਆਂ ਦੀ ਰੋਕਥਾਮ ਦਾ ਸਭ ਤੋਂ ਵੱਡਾ ਹਿੱਸਾ ਹੈ ਇਹ ਜਾਣਨਾ ਕਿ ਬਾਈਪੋਲਰ ਰੋਗ ਤੁਹਾਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ। ਇਸ ਨਾਲ ਤੁਹਾਨੂੰ ਦੌਰਾ ਪੈਣ ਦੀ ਵਜ੍ਹਾ ਬਣਨ ਵਾਲੀਆਂ ਚੀਜ਼ਾਂ ਦੀ ਪਛਾਣ ਕਰਨ ਵਿੱਚ, ਅਤੇ ਉਨ੍ਹਾਂ ਲੱਛਣਾਂ ਨੂੰ ਸਿੱਖਣ ਵਿੱਚ ਮਦਦ ਮਿਲਦੀ ਹੈ ਜਿੰਨ੍ਹਾਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਦੌਰਾ ਛੇਤੀ ਪੈਣ ਵਾਲਾ ਹੈ। ਆਪਣੇ ਦੌਰੇ ਦੀ ਵਜ੍ਹਾ ਬਣਨ ਵਾਲੀਆਂ ਗੱਲਾਂ ਅਤੇ ਚੇਤਾਵਨੀ ਦੇ ਸੰਕੇਤਾਂ ਦੇ ਆਧਾਰ ’ਤੇ ਤੁਸੀਂ ਅਜਿਹੇ ਕਾਰਜ ਕਰ ਸਕਦੇ ਹੋ ਜਿਹੜੇ ਦੌਰਿਆਂ ਨੂੰ ਘਟਾਉਣ ਜਾਂ ਉਨ੍ਹਾਂ ਦੀ ਰੋਕਥਾਮ ਵਿੱਚ ਸਹਾਈ ਹੋਣ...

 • ਬੇਚੈਨੀ ਦੇ ਵਿਗਾੜ

  ਕਈ ਵਾਰੀ ਬੇਚੈਨ ਜਾਂ ਫ਼ਿਕਰਮੰਦ ਹੋਣਾ ਆਮ ਗੱਲ ਹੁੰਦੀ ਹੈ। ਪਰ ਜੇ ਬੇਚੈਨੀ ਰੋਜ਼ਾਨਾ ਜ਼ਿੰਦਗੀ ਨੂੰ ਪ੍ਰਭਾਵਿਤ ਕਰਨ ਲੱਗ ਜਾਵੇ, ਇਹ ਮਾਨਸਿਕ ਰੋਗ ਦੀ ਇੱਕ ਕਿਸਮ ਹੋ ਸਕਦੀ ਹੈ ਜਿਸਨੂੰ ਕਿ ਬੇਚੈਨੀ ਦਾ ਵਿਗਾੜ ਕਿਹਾ ਜਾਂਦਾ ਹੈ। ਬੇਚੈਨੀ ਦੇ ਵਿਗਾੜ ਕਈ ਪ੍ਰਕਾਰ ਦੇ ਹੁੰਦੇ ਹਨ ਅਤੇ ਇਹ ਮਾਨਸਿਕ ਰੋਗਾਂ ਦੀ ਸਭ ਤੋਂ ਆਮ ਕਿਸਮ ਹੈ...

 • ਬੱਚਿਆਂ ਅਤੇ ਨੌਜਵਾਨਾਂ ਵਿੱਚ ਮਾਨਸਿਕ ਵਿਕਾਰਾਂ ...ਬਾਰੇ ਸਿੱਖੋ

  ਵੱਡੇ ਹੁੰਦਿਆਂ ਬੱਚਿਆਂ ਅਤੇ ਯੁਵਕਾਂ ਵਿੱਚ ਤਬਦੀਲੀ ਆਉਂਦੀ ਹੈ। ਇਹ ਦੱਸ ਸਕਣਾ ਔਖਾ ਹੋ ਸਕਦਾ ਹੈ ਕਿ ਕਿਸੇ ਬੱਚੇ ਦੀ ਬੇਚੈਨੀ ਜਾਂ ਕਿਸੇ ਟੀਨੇਜਰ ਦਾ ਮਿਜਾਜ਼ ਆਮ ਵਾਂਗ ਹੀ ਹੈ ਜਾਂ ਨਹੀਂ। ਪਰ ਬੱਚੇ ਅਤੇ ਯੁਵਕ ਮਾਨਸਿਕ ਵਿਗਾੜ ਵੀ ਹੰਢਾਉਂਦੇ ਹਨ। ਸੱਚੀ ਗੱਲ ਤਾਂ ਇਹ ਹੈ ਕਿ ਮਾਨਸਿਕ ਰੋਗਾਂ ਵਾਲੇ ਬਹੁਤੇ ਬਾਲਗ਼ਾਂ ਵਿੱਚ ਮੁਢਲੀਆਂ ਅਲਾਮਤਾਂ ਯੁਵਾ ਅਵਸਥਾ ਦੌਰਾਨ ਹੀ ਉੱਭਰ ਆਉਂਦੀਆਂ ਹਨ...

 • ਬੱਚਿਆਂ ਦੀ ਮਾਨਸਿਕ ਸਿਹਤ ਦੇ ਸਬੰਧ ਵਿੱਚ ਆਪਣੇ ਬੱਚੇ ਦੇ ਸਕੂਲ ਤੋਂ ਕੀ ਉਮੀਦ ਰੱਖੀਏ

  ਬੱਚੇ ਅਤੇ ਨੌਜਵਾਨ ਆਪਣੇ ਦਿਨ ਦਾ ਬਹੁਤਾ ਹਿੱਸਾ ਸਕੂਲ ਵਿੱਚ ਬਿਤਾਉਂਦੇ ਹਨ। ਇਸਦਾ ਮਤਲਬ ਇਹ ਹੈ ਕਿ ਜੇ ਤੁਹਾਡੇ ਬੱਚੇ ਨੂੰ ਕੋਈ ਮਾਨਸਿਕ ਸਿਹਤ ਸਮੱਸਿਆ ਜਾਂ ਰੋਗ ਹੋਵੇ ਤਾਂ ਇਸਦੇ ਲੱਛਣ ਬੱਚੇ ਦੀ ਸਿੱਖਿਆ ਵਿੱਚ ਰੁਕਾਵਟ ਬਣ ਸਕਦੇ ਹਨ। ਸਕੂਲ ਵਿੱਚ ਅਧਿਆਪਕ ਅਤੇ ਹੋਰ ਪੇਸ਼ਾਵਰ ਸਹਾਇਤਾ ਦੇ ਮਹੱਤਵਪੂਰਨ ਸਰੋਤ ਹਨ…

 • ਬੱਚਿਆਂ ਦੀ ਮਾਨਸਿਕ ਸਿਹਤ ਦੇ ਮਾਮਲੇ ਵਿੱਚ ਆਪਣੇ ਪਰਿਵਾਰਕ ਡਾਕਟਰ ਤੋਂ ਕੀ ਉਮੀਦ ਰੱਖੀਏ

  ਫ਼ੈਮਲੀ ਡਾਕਟਰ ਆਮ ਡਾਕਟਰ ਹੁੰਦੇ ਹਨ ਜੋ ਕਿ ਇੱਕ ਪਰਿਵਾਰ ਦੀ ਸਿਹਤ ਦਾ ਖ਼ਿਆਲ ਰੱਖਦੇ ਹਨ। ਜੇ ਕੋਈ ਮਾਨਸਿਕ ਸਿਹਤ ਸਮੱਸਿਆ ਹੋਵੇ, ਇਹ ਪਹਿਲੇ ਪੇਸ਼ਾਵਰ ਹੁੰਦੇ ਹਨ ਜਿਨ੍ਹਾਂ ਕੋਲ ਮਾਪਿਆਂ ਸਣੇ ਹੋਰ ਲੋਕ ਸਭ ਤੋਂ ਪਹਿਲਾਂ ਜਾਂਦੇ ਹਨ। ਇਹ ਜਾਣਨਾ ਸਹਾਇਕ ਹੋ ਸਕਦਾ ਹੈ ਕਿ ਤੁਹਾਨੂੰ ਕਦੋਂ ਪਰਿਵਾਰਕ ਡਾਕਟਰ ਕੋਲ ਜਾਣ ਦੀ ਲੋੜ ਹੈ, ਉਹ ਕੀ ਕਰ ਸਕਦੇ ਹਨ ਅਤੇ ਤੁਸੀਂ ਪਹਿਲਾਂ ਹੀ ਕੀ ਕਰ ਸਕਦੇ ਹੋ…

 • ਮਾਨਸਿਕ ਸਿਹਤ ਸਮੱਸਿਆਵਾਂ ਨਾਲ ਪੀੜਤ ਬੱਚਿਆਂ ਲਈ ਮਦਦ ਲੈਣ ਸਬੰਧੀ ਤੁਹਾਡੇ ਸਵਾਲਾਂ ਦੇ ਜਵਾਬ?

  ਬੱਚਿਆਂ ਨੂੰ ਵੀ ਮਾਨਸਿਕ ਸਿਹਤ ਮੁਸ਼ਕਲਾਂ ਪੇਸ਼ ਆ ਸਕਦੀਆਂ ਹਨ। ਪਰ ਇਹ ਜਾਨਣਾ ਔਖਾ ਹੋ ਸਕਦਾ ਹੈ ਕਿ ਮਦਦ ਕਿੱਥੋਂ ਹਾਸਲ ਕੀਤੀ ਜਾਵੇ। ਇਨਾਂ ਸੇਧਾਂ ਵਿੱਚ ਦੱਸਿਆ ਗਿਆ ਹੈ ਕਿ ਆਪਣੇ ਬੱਚੇ ਦੇ ਡਾਕਟਰ ਜਾਂ ਸਪੈਸ਼ਲਿਸਟ ਕੋਲੋਂ, ਬੱਚੇ ਦੇ ਸਕੂਲ ਕੋਲੋਂ, ਅਤੇ ਕਮਿਊਨਿਟੀ ਸੇਵਾਵਾਂ ਪੇਸ਼ ਕਰਨ ਵਾਲੇ ਹੋਰ ਅਦਾਰਿਆਂ ਕੋਲੋਂ ਸਹੀ ਕਿਸਮ ਦੀ ਮਦਦ ਦਾ ਪਤਾ ਲਾਉਣ ਲਈ ਮਾਪੇ ਕੀ ਕਰ ਸਕਦੇ ਹਨ...

 • ਮਾਨਸਿਕ ਵਿਗਾੜ ਕੀ ਹਨ?

  'ਮਾਨਸਿਕ ਰੋਗ' ਦੀ ਪਰਿਭਾਸ਼ਾ ਵਿੱਚ ਕਈ ਵੱਖ-ਵੱਖ ਸਥਿਤੀਆਂ ਸ਼ਾਮਲ ਹਨ। ਇਹ ਸਭ ਇੱਕ ਵਿਅਕਤੀ ਦੇ ਜਜ਼ਬਾਤ, ਵਿਚਾਰਾਂ ਅਤੇ ਕਿਰਿਆਵਾਂ ਨੂੰ ਪ੍ਰਭਾਵਿਤ ਕਰਦੀਆਂ ਹਨ। ਮਾਨਸਿਕ ਰੋਗ ਸਾਰੇ ਸਭਿਆਚਾਰਾਂ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਬੀ.ਸੀ. ਵਿੱਚ ਪੰਜ 'ਚੋਂ ਇੱਕ ਵਿਅਕਤੀ ਨੂੰ ਉਸਦੇ ਜੀਵਨਕਾਲ ਦੌਰਾਨ ਇੱਕ ਮਾਨਸਿਕ ਰੋਗ ਹੋਵੇਗਾ...

 • ਮਾਨਸਿਕ ਵਿਗਾੜ: ਪਰਿਵਾਰ ਅਤੇ ਦੋਸਤ ਸਹਾਇਤਾ ਕਰਨ ਲਈ ਕੀ ਕਰ ਸਕਦੇ ਹਨ

  ਆਪਣੇ ਕਿਸੇ ਪਿਆਰੇ ਨੂੰ ਕੋਈ ਮਾਨਸਿਕ ਰੋਗ ਹੁੰਦਿਆਂ ਵੇਖਣਾ ਬਹੁਤ ਔਖਾ ਹੋ ਸਕਦਾ ਹੈ। ਹੋ ਸਕਦਾ ਹੈ ਕਿ ਤੁਹਾਨੂੰ ਇਹ ਨਾ ਪਤਾ ਹੋਵੇ ਕਿ ਕਿਹੜੀਆਂ ਗੱਲਾਂ ਵੱਲ ਧਿਆਨ ਦੇਣਾ ਹੈ, ਕਿਵੇਂ ਮਦਦ ਕਰਨੀ ਹੈ ਜਾਂ ਕੀ ਕਹਿਣਾ ਹੈ। ਪਰ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਵੱਲੋਂ ਕੀਤੀ ਜਾਣ ਵਾਲੀ ਦੇਖਭਾਲ ਅਤੇ ਦਿੱਤਾ ਜਾਣ ਵਾਲਾ ਸਹਾਰਾ ਮਾਨਸਿਕ ਰੋਗ ਤੋਂ ਸਿਹਤਯਾਬੀ ਦਾ ਬਹੁਤ ਮਹੱਤਵਪੂਰਨ ਹਿੱਸਾ ਹੈ...

 • ਮਾਨਸਿਕ ਵਿਗਾੜਾਂ ਵਾਸਤੇ ਸਹਾਇਤਾ ਲੈਣੀ

  ਮਾਨਸਿਕ ਰੋਗਾਂ ਦੇ ਸ਼ਿਕਾਰ ਹੋਏ ਲੋਕਾਂ ਨੂੰ ਜੇ ਤੁਰੰਤ ਸਹੀ ਸਹਾਇਤਾ ਮਿਲ ਜਾਵੇ ਤਾਂ ਉਹ ਜਲਦੀ ਸਿਹਤਯਾਬ ਹੋ ਜਾਂਦੇ ਹਨ। ਜਦੋਂ ਤੁਸੀਂ ਇਸ ਬਾਰੇ ਜ਼ਿਆਦਾ ਸਿੱਖ ਜਾਉ ਕਿ ਮਾਨਸਿਕ ਰੋਗ ਕਿਸ ਤਰ੍ਹਾਂ ਦੇ ਜਾਪਦੇ ਹਨ, ਇਸਤੋਂ ਅਗਲਾ ਵੱਡਾ ਪੜਾਅ ਇਹ ਜਾਣਨਾ ਹੁੰਦਾ ਹੈ ਕਿ ਕਿੱਥੋਂ ਸਹਾਇਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਬੀ.ਸੀ. ਭਰ ਵਿਚਲੀਆਂ ਕਮਿਊਨਿਟੀ ਏਜੰਸੀਆਂ, ਪਰਿਵਾਰ, ਦੋਸਤ ਅਤੇ ਫ਼ੈਮਿਲੀ ਡਾਕਟਰ ਸਹਾਰੇ ਦੇ ਮਹੱਤਵਪੂਰਨ ਸਰੋਤ ਹਨ...

 

Language photos